ਇਤਿਹਾਸ – ਗੁਰਦੁਆਰਾ ਕਰਹਾਲੀ ਸਾਹਿਬ ਡਕਾਲਾ (ਪਟਿਆਲਾ)
ਰਿਆਸਤੀ ਸ਼ਹਿਰ ਪਟਿਆਲਾ ਤੋਂ ਲਗਭਗ 22 ਕਿੱਲੋਮੀਟਰ ਦੂਰੀ ‘ਤੇ ਦੱਖਣ ਵੱਲ ਸਥਿਤ ਪਿੰਡ ਕਰਹਾਲੀ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ|
ਗੁਰੂ ਤੇਗ ਬਹਾਦਰ ਸਾਹਿਬ ਜੀ ਪਟਿਆਲਾ ਤੋਂ ਦਿੱਲੀ ਜਾਣ ਸਮੇਂ ਇੱਥੇ ਵਿਸ਼ਰਾਮ ਕਰਨ ਉਪਰੰਤ ਅਗਲੇ ਪੜਾਅ ਲਈ ਚੀਕਾ-ਕੈਥਲ (ਹਰਿਆਣਾ) ਵੱਲ ਰਵਾਨਾ ਹੋਏ ਸਨ | ਨੌਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਦਿੱਲੀ ਜਾਣ ਸਮੇਂ ਇੱਥੇ ਰੁਕੇ ਸਨ, ਜਿਸ ਕਾਰਨ ਹੁਣ ਇੱਥੇ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਨੌਵੀਂ ਦੇ ਨਾਂਅ ‘ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ|
ਇਤਿਹਾਸਕਾਰਾਂ ਅਨੁਸਾਰ ਪਿੰਡ ਦਾ ਇਕ ਸੁਰਮੁੱਖ ਨਾਂਅ ਦਾ ਵਿਅਕਤੀ ਜੋ ਕਿ ਕੋਹੜ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਪਿੰਡ ਤੋਂ ਬਾਹਰ ਇਕ ਝੀੜੀ (ਛੋਟੀ ਛਪੜੀ) ਨੇੜੇ ਝੁੱਗੀ ਵਿਚ ਰਹਿੰਦਾ ਸੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ (ਕੋਹੜੀ) ਨੂੰ ਆਦੇਸ਼ ਦਿੱਤਾ
ਕਿ ਉਹ ਛਪੜੀ ਵਿਚ ਇਸ਼ਨਾਨ ਕਰੇ ਅਤੇ ਜਦੋਂ ਸੁਰਮੁੱਖ ਨੇ ਇਸ਼ਨਾਨ ਕੀਤਾ ਤਾਂ ਉਸ ਦਾ ਸਾਰਾ ਕੋਹੜ ਠੀਕ ਹੋ ਗਿਆ ਗੁਰੂ ਜੀ ਨੇ ਇਸ ਸਮੇਂ ਵਚਨ ਫ਼ਰਮਾਏ ਸਨ ਕਿ ਜੋ ਵੀ ਵਿਅਕਤੀ ਇੱਥੇ ਇਸ਼ਨਾਨ ਕਰੇਗਾ ਉਸ ਦੇ 18 ਪ੍ਰਕਾਰ ਦੇ ਰੋਗ ਦੂਰ ਹੋਣਗੇ|
ਜਿੱਥੇ ਸੰਗਤ ਹਰ ਐਤਵਾਰ ਵਾਲੇ ਦਿਨ ਵੱਡੀ ਗਿਣਤੀ ‘ਚ ਪੁੱਜ ਕੇ ਸਰੋਵਰ ‘ਚ ਇਸ਼ਨਾਨ ਕਰਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੀ ਹੈ| ਸੰਨ 2010 ਤੋਂ ਬਾਅਦ ਇਸ ਗੁਰੂਘਰ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ|
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਇਲਾਵਾ ਦੇਹ ਰੋਗਾਂ ਤੋਂ ਪੀੜਿਤ ਖੇਤਰ ਦੇ ਲੋਕ ਵੱਡੀ ਗਿਣਤੀ ‘ਚ ਇਸ ਅਸਥਾਨ ‘ਤੇ ਇਸ਼ਨਾਨ ਕਰਦੇ ਹਨ|